Go Back

ਬੇਲਾ ਕਾਲਜ ਵਿਖੇ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ



ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਦੇ ਆਈ.ਆਈ.ਸੀ. ਅਤੇ ਇੰਟਰਨਲ ਕੰਪਲੇਂਟ ਸੈੱਲ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਖਾਸ ਪੋ੍ਗਰਾਮ ਆਯੋਜਿਤ ਕੀਤਾ ਗਿਆ। ਇਸ ਪੋ੍ਰਗਰਾਮ ਵਿੱਚ ਪੰਜਾਬੀ ਸਿਨੇਮਾ ਜਗਤ ਅਤੇ ਰੰਗਮੰਚ ਦੀ ਮਸ਼ਹੂਰ ਅਦਾਕਾਰਾ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਉਹਨਾਂ ਦੇ ਹਮਸਫਰ ਉੱਘੇ ਸਮਾਜ ਸੇਵੀ ਸ. ਸਵਰਨ ਸਿੰਘ ਭੰਗੂ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਹ ਪੋ੍ਗਰਾਮ ਕਾਲਜ ਵਿਦਿਆਰਥੀਆਂ ਨੂੰ ਇੱਕ ਪ੍ਰਸਿੱਧ ਹਸਤੀ ਦੇ ਰੂ-ਬ-ਰੂ ਕਰਵਾਉਣ, ਸਮੇਂ ਦੇ ਸੰਘਰਸ਼ ਅਤੇ ਲੋੜਾਂ ਬਾਰੇ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਪੰਜਾਬੀ ਸਿਨੇਮਾ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਪ੍ਰਸ਼ੰਸਾ ਕੀਤੀ।ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਔਰਤਾਂ ਨੂੰ ਆਪਣੀਆਂ ਪ੍ਰਤਿਭਾਵਾਂ ਨੂੰ ਪਛਾਨਣ ਦੀ ਬਹੁਤ ਲੋੜ ਹੈ ਤਾਂ ਕਿ ਉਹ ਵਿੱਤੀ ਤੌਰ ਤੇ ਆਤਮ-ਨਿਰਭਰ ਬਣ ਸਕਣ।ਉਹਨਾਂ ਕਿਹਾ ਕਿ ਸਮੇਂ ਦੇ ਬਦਲ ਰਹੇ ਸੰਦਰਭਾਂ ਵਿੱਚ ਉਚੇਰੀ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਬਹੁਤ ਵੱਡੀ ਹੈ ਜਿਥੋਂ ਵਿਦਿਆਰਥੀਆਂ ਨੇ ਆਪਣੇ ਭਵਿੱਖ ਲਈ ਰਾਹ ਸਿਰਜਣਾ ਹੈ। ਉਹਨਾਂ ਵਿਦਆਰਥੀਆਂ ਨੂੰ ਖਾਸ ਕਰਕੇ ਔਰਤਾਂ ਨੂੰ ਸ਼ਸਕਤ ਬਨਣ, ਸੁਚੇਤ ਰਹਿਣ ਅਤੇ ਆਤਮ ਰੱਖਿਆ ਦੇ ਕਾਬਿਲ ਹੋਣ ਲਈ ਪ੍ਰੇੇਰਿਆ। ਇਸ ਮੌਕੇ ਸੰਸਥਾ ਵਿੱਚ ਵੱਖੋ-ਵੱਖਰੇ ਮੁਕਾਬਲੇ ਜਿਵੇਂ ਪੋਸਟਰ ਮੁਕਾਬਲੇ, ਪੇਟਿੰਗ ਮੁਕਾਬਲੇ, ਕੈਪਸ਼ਨ ਮੁਕਾਬਲੇ, ਲੇਖ ਲੇਖਣ ਅਤੇ ਭਾਸ਼ਣ ਕਲਾ ਦੇ ਮੁਕਾਬਲੇ ਵੀ ਕਰਵਾਏ ਗਏ। ਸ਼੍ਰੀਮਤੀ ਭੰਗੂ ਨੇ ਜੇਤੂ ਵਿਦਆਰਥੀਆਂ ਨੂੰ ਸਨਮਾਨਿਤ ਕੀਤਾ। ਕਾਲਜ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਆਪਣੀ ਸਵੈ ਰਚਿਤ ਰਚਨਾ ਸਾਂਝੀ ਕੀਤੀ। ਪੋ੍ਰਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਡਾ. ਸ਼ਾਹੀ ਅਤੇ ਸਮੂਹ ਸਟਾਫ਼ ਨੇ ਸ਼੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਸ. ਸਵਰਨ ਸਿੰਘ ਭੰਗੂ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਡਾ. ਮਮਤਾ ਅਰੋੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਹ ਪੋ੍ਗਰਾਮ ਆਈ.ਸੀ.ਸੀ. ਕਨਵੀਨਰ ਪੋ੍ਰ. ਪਰਮਿੰਦਰ ਕੌਰ ਦੀ ਅਗਵਾਈ ਅਧੀਨ ਕਰਵਾਇਆ ਗਿਆ। ਡਾ. ਸੰਦੀਪ ਕੌਰ, ਪ੍ਰੈਜੀਡੈਂਟ ਆਈ.ਆਈ.ਸੀ. ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਆਰਥੀ ਹਾਜ਼ਰ ਸਨ।