
ਬੇਲਾ ਕਾਲਜ ਵਿਖੇ ਹੋਈ ਕਨਵੋਕੇਸ਼ਨ 2025
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗੈ੍ਰਜੂਏਟ ਕਾਲਜ ਤੇ ਫਾਰਮੇਸੀ ਕਾਲਜ ਦਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਨਵੋਕੇਸ਼ਨ 2025 ਵਿੱਚ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਡਾ. ਐਸ.ਪੀ.ਸਿੰਘ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਦੇ ਨਾਲ ਡਾ. ਯਾਦਵਿੰਦਰ ਸਿੰਘ ਬਰਾੜ ਡੀਨ ਖੋਜ ਅਤੇ ਵਿਕਾਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਅਤੇ ਸ. ਅਰਸ਼ਦੀਪ ਸਿੰਘ ਜਨਰਲ ਮੈਨੇਜਰ ਡਿਪਾਰਟਮੈਂਟ ਤੇ ਇੰਡਸਟਰੀਜ਼ ਅਤੇ ਕਾਮਰਸ ਪੰਜਾਬ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਇੰਦਰਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਮੈਂਬਰ ਸਕੱਤਰ ਗੁਰਮੇਲ ਸਿੰਘ ਅਤੇ ਦੋਨਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਸਭ ਮੁੱਖ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ, ਉਪਰੰਤ ਡਾ. ਸ਼ਾਹੀ ਨੇ ਸੰਸਥਾ ਦੀ ਅਕਾਦਮਿਕ ਪ੍ਰਗਤੀ ਦੀ ਰਿਪੋਰਟ ਪੇਸ਼ ਕੀਤੀ। ਡਾ. ਓਬਰਾਏ ਨੇ ਆਪਣੇ ਕਨਵੋਕੇਸ਼ਨ ਦੇ ਸੰਬੋਧਨੀ ਭਾਸ਼ਣ ਵਿੱਚ ਸਭ ਵਿਦਿਆਰਥੀਆਂ ਨੂੰ ਨਿੱਜੀ ਤਰੱਕੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਆਉਣ ਲਈ ਪੇ੍ਰਰਿਆ। ਉਨ੍ਹਾਂ ਬੇਲਾ ਕਾਲਜ ਦੀ ਉੱਨਤੀ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਨੂੰ ਪੰਜ ਲੱਖ ਵਿੱਤੀ ਮਦਦ ਅਤੇ ਦੋ ਕਮਰਸ਼ੀਅਲ ਆਰ.ਓ, ਅਤੇ ਹਰ ਸਾਲ ਕਾਲਜ ਦੇ 75 ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਡਾ. ਯਾਦਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹੋਰ ਚੰਗੇ ਰਾਹਾਂ ਵੱਲ ਤੁਰਨ ਦੀ ਨਸੀਹਤ ਦਿੱਤੀ। ਸ. ਅਰਸ਼ਜੀਤ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਉੱਦਮੀ ਬਣਨ ਦੇ ਲਈ ਉਦਯੋਗ ਅਤੇ ਕਾਮਰਸ ਦੇ ਖੇਤਰ ਵਿੱਚ ਮੌਜੂਦ ਸਰਕਾਰੀ ਸਹੂਲਤਾਂ ਬਾਰੇ ਵਿਦਿਆਰਥੀਆਂ ਨਾਲ ਚਰਚਾ ਕੀਤੀ। ਇਸ ਤੋਂ ਉਪਰੰਤ ਡਿਗਰੀ ਵੰਡ ਸਮਾਰੋਹ ਵਿੱਚ ਦੋਨਾਂ ਕਾਲਜਾਂ ਦੇ ਪੀ.ਐਚ.ਡੀ.,ਗੋਲਡ ਮੈਡਲਲਿਸਟ, ਪੋਸਟ ਗੈ੍ਰਜੂਏਟ ਅਤੇ ਅੰਡਰ ਗੈ੍ਰਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਚੁੱਕੇ 400 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਡਾ. ਬਰਾੜ ਨੇ ਕਨਵੋਕੇਸ਼ਨ 2025 ਦੀ ਸਮਾਪਤੀ ਦੀ ਘੋਸ਼ਣਾ ਕੀਤੀ। ਡਾ. ਸੈਲੇਸ਼ ਸ਼ਰਮਾ ਪ੍ਰਿੰਸੀਪਲ ਕਾਲਜ ਆਫ ਫਾਰਮੇਸੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸੰਸਥਾ ਵੱਲੋਂ ਮੁੱਖ ਮਹਿਮਾਨ ਐਸ.ਪੀ.ਸਿੰਘ ਓਬਰਾਏ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਮਮਤਾ ਅਰੋੜਾ, ਪੋ੍. ਹਰਲੀਨ ਕੌਰ, ਪੋ੍. ਗੁਰਮਿੰਦਰ ਕੌਰ ਅਤੇ ਪੋ੍. ਹਰਮਨਜੋਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ।