
ਬੇਲਾ ਕਾਲਜ ਵੱਲੋਂ ‘ਵੈਲਯੂ ਐਡਿਡ’ ਕੰਪਿਊਟਰ ਕੋਰਸ ਦੀ ਸਮਾਪਤੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕੰਪਿਊਟਰ ਵਿਭਾਗ ਵੱਲੋਂ ਇੱਕ ਮਹੀਨਾ ਗੈਰ-ਕੰਪਿਊਟਰ ਪਿਛੋਕੜ ਵਾਲੇ ਵਿਦਆਰਥੀਆਂ ਲਈ ਇੱਕ ਮਹੀਨੇ ਦਾ ਵੈਲਯੂ ਐਡਿਡ ਕੰਪਿਊਟਰ ਕੋਰਸ ਕਰਵਾਇਆ ਗਿਆ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕੰਪਿਊਟਰ ਅਤੇ ਟੈਕਨਾਲੋਜੀ ਸਾਡੀ ਜਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਉਹਨਾਂ ਕਿਹਾ ਕਿ ਕੰਪਿਊਟਰ ਐਜ਼ੂਕੇਸ਼ਨ ਵਿਦਆਰਥੀਆਂ ਦੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ, ਇਸ ਲਈ ਅੱਜ ਦੇ ਸਮੇਂ ਵਿੱਚ ਕੰਪਿਊਟਰ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਦਆਰਥੀਆਂ ਨੂੰ ਟੈਕਨਾਲੋਜੀ ਦੇ ਹਾਣੀ ਬਣਨ ਲਈ ਕਿਹਾ ਅਤੇ ਕੋਰਸ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਮੁਬਾਰਕਬਾਦ ਦਿੱਤੀ ਤੇ ਵਿਦਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਕੋਰਸ ਦਾ ਮੁੱਖ ਮੰਤਵ ਵਿਦਆਰਥੀਆਂ ਦੇ ਪ੍ਰੈਕਟੀਕਲ ਹੁਨਰ ਨੂੰ ਨਿਖਾਰਨਾ ਹੈ। ਕੰਪਿਊਟਰ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਸ ਕੋਰਸ ਲਈ ਬੇਲਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 112 ਵਿਦਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਰਾਹੀਂ ਕਾਲਜ ਅਧਿਆਪਕਾਂ ਨੇ ਕੰਪਿਊਟਰ ਤੇ ਵਿੰਡੋਜ਼ ਦੇ ਬੇਸਿਕਸ, ਐਮ. ਐਸ. ਵਰਡ, ਐਕਸੈੱਲ, ਪਾਵਰ ਪੁਆਇੰਟ, ਇੰਟਰਨੈੱਟ ਸਰਫਿੰਗ, ਵਰਚੂਅਲ ਮੀਟਿੰਗ ਪਲੇਟਫਾਰਮ, ਗੂਗਲ ਸ਼ੀਟਸ, ਸਲਾਇਡ ਆਦਿ ਬਾਰੇ ਵਿਸਤ੍ਰਤ ਜਾਣਕਾਰੀ ਵਿਦਆਰਥੀਆਂ ਨੂੰ ਪ੍ਰਦਾਨ ਕੀਤੀ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਤਰਨਜੀਤ ਕੌਰ, ਸਹਾਇਕ ਪ੍ਰੋਫੈਸਰ ਦਿਨੇਸ ਕੁਮਾਰ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਨੀਤੂ ਸ਼ਰਮਾ ਤੇ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ, ਸਹਾਇਕ ਪ੍ਰੋਫੈਸਰ ਕਿਰਨਦੀਪ ਕੌਰ ਹਾਜ਼ਰ ਸਨ।