Go Back

ਬੇਲਾ ਕਾਲਜ ਨੇ ਖੇਤਰੀ ਯੁਵਕ ਅਤੇ ਲੋਕ ਮੇਲੇ ‘ਚ ਮਾਰੀਆਂ ਮੱਲਾਂ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ-ਫ਼ਤਿਹਗੜ੍ਹ ਸਾਹਿਬ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਬਿਹਤਰੀਨ ਪੇਸ਼ਕਾਰੀਆਂ ਦਿੰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਮੱਲਾਂ ਮਾਰੀਆਂ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਵਿਦਿਆਰਥੀ ਸਦਾ ਹੀ ਯੁਵਕ ਅਤੇ ਲੋਕ ਮੇਲਿਆਂ ਦੀ ਸ਼ਾਨ ਰਹੇ ਹਨ।ਇਸ ਮੇਲੇ ਵਿੱਚ ਇਸ ਸਾਲ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗਰੁੱਪ ਵੰਨਗੀ ਮਾਈਮ ਵਿੱਚ ਪਹਿਲਾ ਸਥਾਨ ਅਤੇ ਗਰੁੱਪ ਵੰਨਗੀਆਂ ਸਕਿੱਟ, ਨੁੱਕੜ ਨਾਟਕ ਅਤੇ ਭੰਡ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਉੱਥੇ ਲੋਕ ਨਾਚ ਦੀਆਂ ਵੰਨਗੀਆਂ ਵਿੱਚ ਲੋਕ ਨਾਚ ਭੰਗੜਾ ਅਤੇ ਗਿੱਧੇ ਵਿੱਚ ਤੀਜੇ ਸਥਾਨ ਤੇ ਆਪਣੀ ਮੋਹਰ ਲਗਾਈ।ਇਸਦੇ ਨਾਲ ਹੀ ਲੋਕ ਕਲਾਵਾਂ ਦੀਆਂ ਵਿਅਕਤੀਗਤ ਵੰਨਗੀਆਂ ਵਿੱਚ ਕਰੋਸ਼ੀਆ ਬੁਨਣ ਵਿੱਚ ਦੂਜਾ, ਰੱਸਾ ਵੱਟਣਾ, ਨਾਲਾ ਬਣਾਉਣਾ ਅਤੇ ਇੰਨੂਆ ਬਣਾਉਣ ਵਿੱਚ ਤੀਜਾ ਸਥਾਨ ਹਾਸਿਲ ਕੀਤਾ।ਉਪਰੋਕਤ ਤੋਂ ਬਿਨਾਂ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਕਾਰਟੂਨਿੰਗ ਵਿੱਚ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਨੂੰ ਪਹਿਲਾ ਹੌਂਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਕਿਉਂਕਿ ਉਸਨੇ ਇਹ ਕਲਾਕ੍ਰਿਤੀ ਆਪਣੇ ਪੈਰਾਂ ਨਾਲ ਸਿਰਜੀ ਸੀ।ਇੱਥੇ ਇਹ ਵਰਨਣਯੋਗ ਹੈ ਕਿ ਇਸ ਖੇਤਰੀ ਮੇਲੇ ਵਿੱਚ 58 ਕਾਲਜਾਂ ਦੇ 2000 ਦੇ ਕਰੀਬ ਵਿਦਿਆਰਥੀਆਂ ਨੇ ਪ੍ਰਤੀਭਾਗੀਆਂ ਵਜੋਂ ਸ਼ਿਰਕਤ ਕੀਤੀ, ਜਿਸ ਵਿੱਚ ਬੇਲਾ ਕਾਲਜ ਨੇ ਲਗਭਗ ਸਾਰੀਆਂ ਹੀ ਵੰਨਗੀਆਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕੀਤੀ।ਵਿਦਿਆਰਥੀਆਂ ਦੇ ਉਤਸ਼ਾਹ ਅਤੇ ਮੁਕਾਬਲੇਬਾਜ਼ੀ ਦੀ ਸਕਾਰਤਮਿਕ ਭਾਵਨਾ ਦੀ ਸ਼ਲਾਘਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਯੁਵਕ ਅਤੇ ਲੋਕ ਮੇਲੇ ਪੰਜਾਬੀ ਨੌਜਵਾਨੀ ਨੂੰ ਵਿਰਸੇ ਨਾਲ ਜੋੜੀ ਰੱਖਣ ਅਤੇ ਪੀੜੀ ਦਰ ਪੀੜੀ ਇਸਦੀ ਹਿਫ਼ਾਜਤ ਕਰਨ ਦਾ ਇੱਕ ਬੇਮਿਸਾਲ ਜ਼ਰੀਆ ਬਣੇੇ ਹਨ।ਵਿਦਿਆਰਥੀਆਂ ਦੀ ਇਹਨਾਂ ਵਿੱਚ ਭਾਗੀਦਾਰੀ ਜਿੱਥੇ ਉਹਨਾਂ ਨੂੰ ਵਿਰਾਸਤ ਨਾਲ ਜੋੜਦੀ ਹੈ, ਉੱਥੇ ਹੀ ਉਹਨਾਂ ਨੂੰ ਚੰਗੇ ਮੁਕਾਬਲੇਬਾਜ਼ੀ ਦੀ ਭਾਵਨਾ ਵੀ ਪੈਦਾ ਕਰਦੀ ਹੈ।ਉਹਨਾਂ ਨੇ ਸਾਰੇ ਹੀ ਪ੍ਰਤੀਭਾਗੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅੰਤਰ ਖੇਤਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਰੇ ਹੀ ਪ੍ਰਤੀਭਾਗੀਆਂ ਦੇ ਰੂ-ਬ-ਰੂ ਹੁੰਦਿਆਂ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਵਿਦਿਆਰਥੀਆਂ ਨੂੰ ਯੁਵਕ ਮੇਲਿਆਂ ਦੇ ਅਸਲ ਮਕਸਦ ਨੂੰ ਪਛਾਨਣ ਅਤੇ ਵਿਰਸੇ ਦੀ ਅਮੀਰ ਧਰੋਹਰ ਨਾਲ ਜੁੜਨ ਦਾ ਸੁਨੇਹਾ ਦਿੱਤਾ।ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੂੰ ਅੰਤਰ-ਖੇਤਰੀ ਯੁਵਕ ਮੇਲੇ ਦੀਆਂ ਵੰਨਗੀਆਂ ਲਈ ਹਰ ਸੰਭਵ ਸਿਖਲਾਈ ਅਤੇ ਮੱਦਦ ਦਾ ਭਰੋਸਾ ਦਿੱਤਾ।ਉਹਨਾਂ ਨੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਯੁਵਕ ਅਤੇ ਲੋਕ ਮੇਲੇ ਦੇ ਕਾਲਜ ਕੁਆਰਡੀਨੇਟਰ ਸਹਾਇਕ ਪੋ੍ਰਫੈਸਰ ਸੁਨੀਤਾ ਰਾਣੀ ਅਤੇ ਵੰਨਗੀਆਂ ਦੇ ਕਨਵੀਨਰਾਂ ਨੂੰ ਇਸ ਮੇਲੇ ਨੂੰ ਸਫ਼ਲਤਾਪੂਰਵਕ ਅਤੇ ਵਿਧੀਬੱਧ ਢੰਗ ਨਾਲ ਨੇਪੜੇ ਚੜਾਉਣ ਲਈ ਦਿੱਤੇ ਯੋਗਦਾਨ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਿਦਆਰਥੀ ਮੌਜੂਦ ਸਨ।