
ਬੇਲਾ ਕਾਲਜ ਨੇ ਪੈਨਚਕ ਸਿਲਾਟ ਵਿੱਚ ਅੰਤਰ ਕਾਲਜ ਚੈਪੀਅਨਸ਼ਿਪ ਟਰਾਫ਼ੀ ਜਿੱਤੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀਆਂ ਨੇ ਇੱਕ ਵਾਰ ਫੇਰ ਆਪਣੀ ਖੇਡ ਪ੍ਰਤਿਭਾ ਦਾ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਚਂੈਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਮ ਇਸ ਖੇਡ ਵਿੱਚ ਮੋਹਰਲੀ ਸਫ਼ ਵਿੱਚ ਲਿਆ ਦਿੱਤਾ ਹੈ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪੈਨਚਕ ਸਿਲਾਟ ਇੰਡੋਨੇਸ਼ੀਅਨ ਮਾਰਸ਼ਲ ਆਰਟਸ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਕਾਲਜ ਦੇ ਖਿਡਾਰੀਆਂ ਨੇ ਪਹਿਲੀ ਵਾਰ ਹਿੱਸਾ ਲਿਆ।ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 11 ਤੋਂ 12 ਜਨਵਰੀ 2024 ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਈ ਗਈ ਜਿਸ ਵਿੱਚ ਬੇਲਾ ਕਾਲਜ ਦੇ ਖਿਡਾਰੀਆਂ ਨੇ 03 ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਅੰਤਰ ਕਾਲਜ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ।ਉਹਨਾਂ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਸਹਾਇਕ ਪੋ੍ਫੈਸਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਪੋ੍ਫੈਸਰ ਅਮਰਜੀਤ ਸਿੰਘ ਦੀ ਯੋਗ ਅਗਵਾਈ ਦੀ ਸ਼ਲਾਘਾ ਕੀਤੀ ਜਿਸ ਤਹਿਤ ਖਿਡਾਰੀ ਅਰੁਣ ਕੁਮਾਰ ਨੇ 95 ਕਿਲੋ ਵਰਗ, ਸਤਵਿੰਦਰ ਸਿੰਘ ਨੇ 75 ਕਿਲੋ ਵਰਗ ਅਤੇ ਵਿਨੋਦ ਕੁਮਾਰ ਨੇ 65 ਕਿਲੋ ਵਰਗ ਵਿੱਚ ਸੋਨ ਤਗਮਾ ਹਾਸਿਲ ਕੀਤਾ।ਇਸਦੇ ਨਾਲ ਹੀ 90 ਕਿਲੋ ਵਰਗ ਵਿੱਚ ਖਿਡਾਰੀ ਸ਼ਿਆਮ ਸੁੰਦਰ ਨੇ ਚਾਂਦੀ ਦਾ ਤਗਮਾ ਜਿੱਤਿਆ।ਇਹਨਾਂ ਖਿਡਾਰੀਆਂ ਦਾ ਕਾਲਜ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਜਿੱਤ ਨੇ ਕਾਲਜ ਦਾ ਨਾਂ ਰੁਸ਼ਨਾਇਆ ਹੈ । ਇਸ ਮੌਕੇ ਕਾਲਜ ਪ੍ਰਬੰਧਕ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਇਹਨਾਂ ਖਿਡਾਰੀਆਂ ਦੀ ਪ੍ਰਸੰਸ਼ਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਫੇਸਰ ਸੁਨੀਤਾ ਰਾਣੀ ਅਤੇ ਸਮਹੂ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸੀ।