
ਬੇਲਾ ਕਾਲਜ ਨੇ ਪੰਜਾਬ ਸਟੇਟ ਰੋਇੰਗ ਚੈਂਪੀਅਨਸ਼ਿਪ ਵਿੱਚ ਜਿੱਤੇ 5 ਸੋਨ ਤਮਗੇ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਰੋਇੰਗ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਟੇਟ ਰੋਇੰਗ ਚਂਪੀਅਨਸ਼ਿਪ ਵਿੱਚ ਅਮਿੱਟ ਛਾਪ ਛੱਡਦਿਆਂ ਕਾਲਜ ਦਾ ਨਾਮ ਸੁਨਿਹਰੇ ਅੱਖਰਾਂ ਵਿੱਚ ਲਿਖ ਦਿੱਤਾ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਅੱਜ ਦੇ ਸਮੇਂ ਵਿੱਚ ਖੇਡ ਖੇਤਰ ਵਿੱਚ ਇੱਕ ਉੱਭਰਦਾ ਨਾਮ ਬਣਦਾ ਜਾ ਰਿਹਾ ਹੈ ਅਤੇ ਇਸ ਸੰਸਥਾ ਵੱਲੋਂ ਤਿਆਰ ਕੀਤੇ ਜਾ ਰਹੇ ਵਿਦਿਆਰਥੀ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸੰਸਥਾ ਦੇ ਯਤਨਾਂ ਨੂੰ ਹੋਰ ਸਾਰਥਕ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਮੁਕਾਬਲਾ ਬਠਿੰਡਾ ਵਿਖੇ 29 ਤੋਂ 30 ਜੁਲਾਈ 2023 ਤੱਕ ਕਰਵਾਇਆ ਗਿਆ, ਜਿੱਥੇ ਕਾਲਜ ਦੇ 06 ਵਿਦਿਆਰਥੀਆਂ ਨੇ ਵੱਖੋ-ਵੱਖਰੇ ਮੁਕਾਬਲਿਆਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਸੰਸਥਾ ਦੀਆਂ ਤਿੰਨ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਵਿਦਿਆਰਥਣ ਅਮਨਦੀਪ ਕੌਰ ਨੇ ਓਪਨ ਸਿੰਗਲ ਸਕੱਲ ਅਤੇ ਓਪਨ ਸੀਨੀਅਰ ਮਿਕਸ ਫੋਰ, ਦੇ ਦੋਵਾਂ ਮੁਕਾਬਲਿਆਂ ਵਿੱਚ ਸੋਨ ਤਮਗੇ ਆਪਣੀ ਝੋਲੀ ਪਵਾਏ। ਕਾਲਜ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਜੂਨੀਅਰ ਸਿੰਗਲ ਸਕੱਲ ਵਿੱਚ ਸੋਨ ਤਮਗਾ ਆਪਣੇ ਨਾਮ ਕੀਤਾ ਅਤੇ ਇਸ ਨਾਲ ਹੀ ਵਿਦਿਆਰਥਣ ਜੈਸਮੀਨ ਕੌਰ ਨੇ ਜੂਨੀਅਰ ਵੂਮੈਨ (ਪੇਅਰ) ਵਿੱਚ ਸੋਨ ਤਮਗਾ ਅਤੇ ਜੂਨੀਅਰ ਫੋਰ ਮਿਕਸ ਵਿੱਚ ਵੀ ਸੋਨ ਤਮਗਾ ਹਾਸਿਲ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ। ਇਹਨਾਂ ਤਿੰਨ ਵਿਦਿਆਰਥਣਾਂ ਨੇ ਕੁਲ 5 ਸੋਨ ਤਮਗੇ ਆਪਣੀ ਝੋਲੀ ਪਵਾਏ। ਇਸ ਦੇ ਨਾਲ ਹੀ ਕਾਲਜ ਦੇ ਲੜਕਿਆਂ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀ ਗੁਰਸੇਵਕ ਸਿੰਘ ਨੇ ਲਾਈਟ ਵੇਟ (ਮਰਦ ਪੇਅਰ) ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਇਸਦੇ ਨਾਲ ਹੀ ਵਿਦਿਆਰਥੀ ਜਸਕਰਨ ਧਾਲੀਵਾਲ ਨੇ ਲਾਈਟ ਵੇਟ ਸਿੰਗਲ ਸਕੱਲ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਅਤਿ ਪ੍ਰਸੰਸਾਯੋਗ ਪ੍ਰਦਰਸ਼ਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਸਾਰੇ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋ. ਅਮਰਜੀਤ ਸਿੰਘ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਇਹ ਸੰਸਥਾ ਸਦਾ ਹੀ ਅਗਾਂਹ ਪੁਲਾਂਘਾਂ ਪੁੱਟਦੀ ਰਹੇਗੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ 5 ਸੋਨ ਤਮਗੇ ਅਤੇ ਕੁੱਲ 7 ਤਮਗੇ ਜਿੱਤਣਾ ਆਪਣੇ ਆਪ ਵਿੱਚ ਇੱਕ ਬੇਹੱਦ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਸੰਸਥਾ ਆਪਣੇ ਖਿਡਾਰੀਆਂ ਲਈ ਹਰ ਸੰਭਵ ਯਤਨ ਕਰਦੀ ਹੈ ਤਾਂ ਜੋ ਉਹਨਾਂ ਨੂੰ ਵਧੀਆ ਕੋਚਿੰਗ ਮਿਲ ਸਕੇ। ਇਹਨਾਂ ਵਿਦਿਆਰਥੀਆਂ ਦੇ ਕਾਲਜ ਪੁੱਜਣ ਤੇ ਕਾਲਜ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡਾ. ਮਮਤਾ ਅਰੋੜਾ ਤੇ ਸਹਾਇਕ ਪੋ੍ਰ. ਸੁਨੀਤਾ ਰਾਣੀ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।