
ਬੇਲਾ ਕਾਲਜ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਤਮਗਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 10 ਤੋਂ 24 ਜੂਨ 2022 ਤੱਕ ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆ ਅਤੇ ਮੱਧ ਪ੍ਰਦੇਸ਼ ਸਟੇਟ ਸ਼ੂਟਿੰਗ ਅਕੈਡਮੀ ਦੇ ਸਹਿਯੋਗ ਨਾਲ ਭੋਪਾਲ ਵਿਖੇ ਕਰਵਾਈ ਜਾ ਰਹੀ 20ਵੀਂ ਕੇ.ਐਸ.ਐਸ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਮਿਕਸ ਟੀਮ ਮੁਕਾਬਲਿਆਂ ਵਿੱਚ ਖੇਡਦਿਆਂ ਟੀਮ ਪੱਧਰ ਤੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅਰਸ਼ਦੀਪ ਕੌਰ ਨੇ ਇਹ ਤਮਗਾ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਵਿੱਚ ਜਿੱਤਿਆ। ਇਸ ਤੋਂ ਪਹਿਲਾਂ ਵੀ ਇਸ ਵਿਦਿਆਰਥਣ ਨੇ ‘ਖੇਲੋ ਇੰਡੀਅ’ ਯੂਥ ਗੇਮਜ਼ ਜੋ 30 ਮਾਰਚ 2022 ਵਿੱਚ ਹੋਈਆਂ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਾਪ 8 ਵਿੱਚ ਆਪਣੀ ਜਗ੍ਹਾ ਬਣਾ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅਰਸ਼ਦੀਪ ਕੌਰ ਨੇ ਦੂਜੀ ‘ਖੇਲੋ ਇੰਡੀਆ’ ਯੂਨੀਵਰਸਿਟੀ ਗੇਮਜ਼, ਜੋ ਕਿ 24 ਅਪ੍ਰੈਲ ਤੋਂ 3 ਮਈ 2022 ਦੇ ਦੌਰਾਨ ਹੋਏ, ਦੇ ਮੁਕਾਬਲਿਆਂ ਵਿੱਚ ਸਪੋਰਟਸ ਪਿਸਟਲ ਵੂਮੈਨ ਟੀਮ ਵਿੱਚ ਸਿਲਵਰ ਅਤੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਤੌਰ ਤੇ ਤਾਂਬੇ ਦਾ ਤਮਗਾ ਹਾਸਿਲ ਕੀਤਾ। ਅਰਸ਼ਦੀਪ ਕੌਰ ਦੀਆਂ ਇਹਨਾਂ ਪ੍ਰਾਪਤੀਆਂ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਅਰਸ਼ਦੀਪ ਕੌਰ ਇੱਕ ਹੋਣਹਾਰ ਵਿਦਆਰਥਣ ਹੋਣ ਦੇ ਨਾਲ ਪਿਸਟਲ ਸ਼ੂਟਿੰਗ ਦੀ ਉਭਰਦੀ ਹੋਈ ਖਿਡਾਰਣ ਹੈ। ਉਸ ਨੇ ਹਰ ਵਾਰ ਆਪਣੇ ਪ੍ਰਦਰਸ਼ਨ ਨਾਲ ਕਾਲਜ ਦਾ ਅਤੇ ਪੂਰੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਉਹਨਾਂ ਯਕੀਨ ਦਵਾਇਆ ਕਿ ਬੇਲਾ ਕਾਲਜ ਸਦਾ ਹੀ ਆਪਣੇ ਖਿਡਾਰੀਆਂ ਪ੍ਰਤੀ ਪੂਰਨ ਸਮਰਪਣ ਦੀ ਭਾਵਨਾ ਨਾਲ ਕਾਰਜਸ਼ੀਲ ਰਿਹਾ ਹੈ ਅਤੇ ਅੱਗੋ ਵੀ ਰਹੇਗਾ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਡਾਇਰੈਕਟਰ ਲੈਫਟੀਨਂੈਟ ਸਹਾਇਕ ਪ੍ਰੋਫੈਸਰ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਸਮੂਹ ਸਟਾਫ਼ ਹਾਜਰ ਸੀ।