
ਬੇਲਾ ਕਾਲਜ ਨੇ 48ਵਾਂ ਸਥਾਪਨਾ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਆਪਣਾ 48ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਤੁੱਟ ਲੰਗਰ ਵਰਤਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰੀਆਂ ਸੰਗਤਾਂ ਨੂੰ ਕਾਲਜ ਦੇ 48ਵੇਂ ਸਥਾਪਨਾ ਦਿਵਸ ਦੀ ਹਾਰਦਿਕ ਵਧਾਈ ਦਿੱਤੀ ਅਤੇ ਜੀ ਆਇਆਂ ਕਿਹਾ। ਉਹਨਾਂ ਨੇ ਇਸ ਕਾਲਜ ਨੂੰ ਸਥਾਪਤ ਕਰਨ ਵਾਲੇ ਸੰਸਥਾਪਕ, ਉੱਚ ਸਖਸ਼ੀਅਤਾਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਇਹਨਾਂ ਸਖਸ਼ੀਅਤਾਂ ਦੇ ਦੂਰ-ਅੰਦੇਸ਼ੀ ਸਦਕਾ ਬੇਟ ਇਲਾਕੇ ਨੂੰ ਇਹ ਵਡਮੁੱਲੀ ਦੇਣ ਮਿਲੀ ਹੈ ਅਤੇ ਇਲਾਕੇ ਲਈ ਵਰਦਾਨ ਸਾਬਤ ਹੋਈ ਹੈ। ਉਹਨਾਂ ਆਪਣੇ ਸੰਬੋਧਨ ਵਿੱਚ ਕਾਲਜ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਨਾਲ ਵਰਨਣ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸਾਰੀਆਂ ਸੰਗਤਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਤੇ ਸਟਾਫ਼ ਨੂੰ ਹੋਰ ਵੱਧ-ਚੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਾਲਜ ਦੇ ਇਤਿਹਾਸ ਬਾਰੇ ਪੂਰੇ ਵਿਸਥਾਰ ਨਾਲ ਚਾਨਣਾ ਪਾਇਆ ਕਿ ਕਿਵੇਂ ਇਸ ਸੰਸਥਾ ਨੇ 47 ਸਾਲਾਂ ਦੌਰਾਨ ਵੱਖ-ਵੱਖ ਸਮਿਆਂ ਵਿੱਚੋਂ ਗੁਜਰਦਿਆਂ ਤਰੱਕੀ ਕੀਤੀ ਹੈ ਤੇ ਪੂਰੇ ਇਲਾਕੇ ਦੀ ਸਿਰਮੌਰ ਸੰਸਥਾ ਬਣ ਗਈ ਹੈ। ਹਰ ਸਾਲ ਦੀ ਤਰ੍ਹਾਂ ਲੰਗਰ ਵਿੱਚ ਰਾਸ਼ਣ ਦੀ ਸੇਵਾ ਸ. ਗਿਆਨ ਸਿੰਘ ਬੇਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਸ. ਗਿਆਨ ਸਿੰਘ ਦੇ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਮੈਬਰ ਸ. ਗਿਆਨ ਸਿੰਘ ਬੇਲਾ, ਸ. ਦਵਿੰਦਰ ਸਿੰਘ ਜਟਾਣਾ, ਸ. ਗੁਰਮੇਲ ਸਿੰਘ, ਸ. ਗੁਰਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸ. ਸੁਰਮੁੱਖ ਸਿੰਘ, ਇਲਾਕੇ ਦੇ ਪਤਵੰਤੇ ਸੱਜਣ, ਪੁਰਾਣੇ ਵਿਦਆਰਥੀ ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ, ਸ. ਸੁਰਿੰਦਰ ਸਿੰਘ, ਡਾ. ਚੌਧਰੀ, ਸਾਬਕਾ ਡਿਪਟੀ ਡਾਇਰੈਕਟਰ ਸ. ਹਰਪ੍ਰੀਤਇੰਦਰ ਸਿੰਘ, ਸ. ਕੁਲਵਿੰਦਰ ਸਿੰਘ, ਡਾ. ਸੈਲੇਸ਼ ਸ਼ਰਮਾ, ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ ਸਮੇਤ ਤਿੰਨੋਂ ਸੰਸਥਾਵਾਂ ਦਾ ਸਮੂਹ ਸਟਾਫ ਤੇ ਵਿਦਆਰਥੀ ਸ਼ਾਮਲ ਸਨ।