Go Back

ਬੇਲਾ ਕਾਲਜ ਨੇ ਜੈਤੋ ਦਾ ਮੋਰਚਾ ਸ਼ਤਾਬਦੀ ਸਮਾਰੋਹ ਮਨਾਇਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਹਿਊਮੈਨਟੀਜ਼ ਵਿਭਾਗ ਨੇ ਜੈਤੋ ਦਾ ਮੋਰਚਾ ਸ਼ਤਾਬਦੀ ਸਮਾਰੋਹ ਮਨਾਇਆ।ਇਸ ਸਮਾਗਮ ਦੇ ਮੁੱਖ ਬੁਲਾਰੇ ਸ. ਤੇਜਿੰਦਰ ਸਿੰਘ ਖਿਜ਼ਰਾਬਾਦੀ, ਮੈਨੇਜਿੰਗ ਡਾਇਰੈਕਟਰ ਸਿੱਖ ਬੁੱਕ ਟਰੱਸਟ (ਇੰਟਰਨੈਸ਼ਨਲ), ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਸਨ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਤਿਹਾਸ ਕੇਵਲ ਬੀਤੇ ਦੀਆਂ ਘਟਨਾਵਾਂ ਹੀ ਨਹੀਂ ਹਨ ਸਗੋਂ ਭਵਿੱਖ ਲਈ ਸਬਕ, ਚੁਣੌਤੀਆਂ ਅਤੇ ਉਮੀਦ ਵੀ ਹੈ।ਉਹਨਾਂ ਨੇ ਹਿਊਮੈਨਟੀਜ਼ ਵਿਭਾਗ ਦੀ ਸਰਾਹਨਾ ਕੀਤੀ ਕਿ ਉਹ ਜੈਤੋ ਦੇ ਮੋਰਚੇ ਜਿਹੇ ਵੱਡੇ ਇਤਿਹਾਸਕ ਪਹਿਲੂ ਬਾਰੇ ਵਿਦਿਆਰਥੀਆਂ ਨੂੰ ਜੋੜਨ ਦੀ ਪਹਿਲ ਕਰ ਰਹੇ ਹਨ। ਸ. ਤੇਜਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਪੂਰੀ ਗੁਰਦੁਆਰਾ ਸੁਧਾਰ ਲਹਿਰ ਬਾਰੇ ਚਰਚਾ ਕੀਤੀ ਤੇ ਜੈਤੋ ਦੇ ਮੋਰਚੇ ਦੇ ਲੱਗਣ ਦੇ ਕਾਰਨ, ਉਸ ਸਮੇਂ ਹੋਈਆਂ ਸ਼ਹੀਦੀਆਂ ਅਤੇ ਇਸ ਮੋਰਚੇ ਦੀ ਤਹਿ ਵਿੱਚ ਲੁਕੀਆਂ ਹੋਈਆਂ ਸਚਾਈਆਂ ਬਾਰੇ ਵੀ ਦੱਸਿਆ। ਉਹਨਾਂ ਨੇ ਇਸ ਤੱਥ ਤੇ ਜ਼ੋਰ ਦਿੱਤਾ ਕਿ ਸਮੇਂ-ਸਮੇਂ ਤੇ ਦਿੱਤੀਆਂ ਕੁਰਬਾਨੀਆਂ ਨੂੰ ਚੇਤੇ ਰੱਖ ਕੇ ਹੀ ਭਵਿੱਖ ਦੀਆਂ ਸਿਮਰਤੀਆਂ ਵਿੱਚ ਚੰਗੇ ਵਰਤਮਾਨ ਦੀ ਉਸਾਰੀ ਕੀਤੀ ਜਾ ਸਕਦੀ ਹੈ।ਇਸ ਲਈ ਜਿੱਥੇ ਇਤਿਹਾਸ ਸੰਬੰਧੀ ਜਾਣਕਾਰੀ ਰੱਖਣਾ ਜ਼ਰੂਰੀ ਹੈ ਉੱਥੇ ਹੀ ਇਸ ਨੂੰ ਸਮੇਂ ਦੇ ਬਦਲਦੇ ਸੰਦਰਭਾਂ ਵਿੱਚ ਘੋਖਣਾ ਵੀ ਲਾਜ਼ਮੀ ਹੈ।ਹਿਊਮੈਨਟੀਜ਼ ਵਿਭਾਗ ਦੇ ਮੁਖੀ ਪੋ੍ਰ. ਸੁਨੀਤਾ ਰਾਣੀ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਭਾਸ਼ਣ ਸਾਨੂੰ ਆਪਣੀ ਪਹਿਚਾਣ ਰੱਖਣ ਵਿੱਚ ਸਹਾਈ ਹੁੰਦੇ ਹਨ।ਇਸ ਮੌਕੇ ਡਾ.ਮਮਤਾ ਅਰੋੜਾ, ਡਾ. ਸੰਦੀਪ ਕੌਰ, ਡਾ.ਹਰਪ੍ਰੀਤ ਕੌਰ,ਡਾ.ਸੁਰਜੀਤ ਕੌਰ, ਸਹਾਇਕ ਪੋ੍ਰ. ਹਰਪ੍ਰੀਤ ਸਿੰਘ ਭਿਓਰਾ ਡਾ.ਤੇਜਿੰਦਰ ਕੌਰ, ਡਾ. ਕੁਲਦੀਪ ਕੌਰ ਅਤੇ ਸਹਾਇਕ ਪੋ੍ਰ. ਰੋਜ਼ੀ ਰਾਣੀ ਮੌਜੂਦ ਸਨ।