Go Back

ਬੇਲਾ ਕਾਲਜ ਨੂੰ ਮਿਲਿਆ ਆਟੋਨੋਮਸ ਸੰਸਥਾ ਦਾ ਦਰਜਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਗੋਲਡਨ ਜੁਬਲੀ ਵਰ੍ਹੇ ਵਿੱਚ ਇੱਕ ਵੱਡੀ ਪ੍ਰਾਪਤੀ ਕਰਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਆਟੋਨੋਮਸ ਸੰਸਥਾ ਹੋਣ ਦਾ ਮਾਣ ਹਾਸਿਲ ਕੀਤਾ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਆਟੋਨੋਮਸ ਜਾਂ ਖੁਦਮੁਖਤਿਆਰ ਸੰਸਥਾ ਹੋਣਾ ਬਹੁਤ ਹੀ ਮਾਣਮੱਤੀ ਪ੍ਰਾਪਤੀ ਹੈ।ਖੁਦਮੁਖਤਿਆਰ ਸੰਸਥਾ ਦੇ ਦਰਜੇ ‘ਤੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਹੁਣ ਸੰਸਥਾ ਆਪਣੇ ਕੋਰਸਾਂ ਸੰਬੰਧੀ ਸਿਲੇਬਸ, ਡੇਟਸ਼ੀਟ ਅਤੇ ਅਕਾਦਮਿਕ ਸੈਸ਼ਨ ਸੰਬੰਧੀ ਲਗਭਗ ਸਾਰੇ ਫ਼ੈਸਲੇ ਆਪ ਲੈਣ ਯੋਗ ਬਣ ਚੁੱਕੀ ਹੈ। ਉਹਨਾਂ ਪੂਰਨ ਆਸ ਜਤਾਈ ਕਿ ਇਲਾਕੇ ਦੇ ਵਿਦਿਆਰਥੀ ਅਤੇ ਸਭ ਨੁਮਾਇੰਦੇ ਜ਼ਰੂਰ ਹੀ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਭਰਪੂਰ ਲਾਭ ਲੈ ਸਕਣਗੇ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਆਟੋਨੋਮਸ ਦਰਜਾ ਮਿਲਣ ‘ਤੇ ਸਾਰੇ ਇਲਾਕੇ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਉਹਨਾਂ ਦੱਸਿਆ ਕਿ ਯੂਨੀਵਰਸਿਟੀਆਂ ‘ਤੇ ਸੈਂਕੜੇ ਕਾਲਜਾਂ ਦਾ ਕਾਰਜ ਭਾਰ ਹੋਣ ਕਾਰਨ ਵਿਦਿਆਰਥੀਆਂ ਦੇ ਕਈ ਕੰਮਾਂ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਹੁਣ ਆਟੋਨੋਮਸ ਸਟੇਟਸ ਮਿਲਣ ਤੇ ਕਾਲਜ ਆਪਣੇ ਪੱਧਰ ਤੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਚਿੰਤਾਵਾਂ ਦਾ ਖਿਆਲ ਰੱਖ ਸਕਦਾ ਹੈ। ਇਸ ਖੁਸ਼ੀ ਦੇ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਭਨਾਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੇ ਇਸ ਕਦਮ ਅਤੇ ਇਸ ਦੀ ਸਫ਼ਲਤਾ ਦੀ ਸਰਾਹਨਾ ਕੀਤੀ। ਉਹਨਾਂ ਕਿਹਾ ਕਿ ਇੱਕ ਪੇਂਡੂ ਇਲਾਕੇ ਦੀ ਸੰਸਥਾ ਨੂੰ ਇਹ ਦਰਜਾ ਮਿਲਣਾ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਹ ਬੇਲਾ ਕਾਲਜ ਦੇ ਪ੍ਰਬੰਧਨ ਅਤੇ ਇਲਾਕੇ ਪ੍ਰਤੀ ਇਸ ਦੀ ਸਮਰਪਣ ਭਾਵਨਾ ਦੀ ਗਵਾਹੀ ਭਰਦੀ ਹੈ। ਉਹਨਾਂ ਕਿਹਾ ਕਿ ਬੇਲਾ ਕਾਲਜ ਨੇ ਹਮੇਸ਼ਾ ਆਪਣੇ ਇਲਾਕੇ ਦੀ ਸੇਵਾ, ਉਹਨਾਂ ਦੀਆਂ ਲੋੜਾਂ ਅਤੇ ਹਿੱਤ ਨੂੰ ਪਹਿਲ ਦਿੱਤੀ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਮੂਹ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਹਨਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2025-2026 ਵਿੱਚ ਵਿਦਿਆਰਥੀਆਂ ਦੇ ਦਾਖਲੇ ਆਟੋਨੋਮਸ ਕਾਲਜ ਸਟੇਟਸ ਅਧੀਨ ਹੋਣਗੇ। ਉਹਨਾਂ ਕਿਹਾ ਸਾਰੇ ਪੰਜਾਬ ਵਿੱਚ ਮਹਿਜ਼ 15 ਸੰਸਥਾਵਾਂ ਕੋਲ ਖੁਦਮੁਖਤਿਆਰ ਸੰਸਥਾ ਦਾ ਦਰਜਾ ਹੈ ਅਤੇ ਸੰਸਥਾ ਆਪਣਾ ਨਾਮ ਇਸ ਸੂਚੀ ਵਿੱਚ ਸ਼ੁਮਾਰ ਹੋਣ ਤੇ ਅਸੀਮ ਸ਼ੁਕਰਾਨੇ ਵਿੱਚ ਹੈ।