
ਬੇਲਾ ਕਾਲਜ ਵਿਖੇ ਮਨਾਇਆ ‘ਤੀਆਂ ਦਾ ਮੇਲਾ’
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ‘ਤੀਆਂ ਦਾ ਮੇਲਾ’ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਇੰਟਰਨਲ ਕੰਪਲੇਟ ਸੈੱਲ ਵੱਲੋਂ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਧਰਤ ਰੂਹ ਦੇ ਨਾਲ਼ ਜੁੜਿਆ ਹੋਇਆ ਹੈ। ਇਸ ਦਿਨ ਨਾਲ਼ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਅਨਿੱਖੜਵੇਂ ਰੂਪ ਵਿੱਚ ਜੁੜਿਆ ਹੋਇਆ ਹੈਅਤੇ ਪੰਜਾਬ ਦੀਆਂ ਔਰਤਾਂ ਲਈ ਇਸ ਤਿਉਹਾਰ ਦੀ ਖਾਸ ਮਹੱਤਤਾ ਹੈ। ਤੀਆਂ ਸਾਵਣ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਤੋਂ ਪੂਰਨਮਾਸੀ ਤੱਕ ਪੂਰਨ ਜੋਸ਼ ਨਾਲ਼ ਮਨਾਇਆ ਜਾਂਦਾ ਹੈ। ਇਸ ਮੌਕੇ ਅਧਿਆਪਕਾਂ ਨੇ ਆਪਣੋ-ਆਪਣੀਆਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ। ਕਾਲਜ ਦੇ ਵਿਹੜੇ ਨੂੰ ਪੁਰਾਤਨ ਵਿਰਸੇ ਦੀਆਂ ਯਾਦਾਂ ਦੇ ਨਾਲ਼ ਸ਼ਿੰਗਾਰਿਆ ਗਿਆ। ਕਾਲਜ ਦੇ ਵਿਹੜੇ ਪੀਘਾਂ ਪਾਈਆਂ ਗਈਆਂ ਅਤੇ ਸਟਾਫ ਨੇ ਗਿੱਧਾ ਪਾ ਕੇ ਅਤੇ ਲੋਕ ਗੀਤ ਗਾ ਕੇ ਆਪਣੇ ਮਨ ਦੇ ਚਾਅ ਪੂਰੇ ਕੀਤੇ। ਇਸ ਮੌਕੇ ਸਟਾਫ ਮੈਂਬਰ ਆਪੋ-ਆਪਣੇ ਘਰ ਤੋਂ ਵੱਖੋ-ਵੱਖਰੀਆਂ ਵੰਨਗੀਆਂ ਦੇ ਪਕਵਾਨ ਬਣਾ ਕੇ ਲੈ ਕੇ ਆਏ ਅਤੇ ਸਮੂਹਿਕ ਰੂਪ ਵਿੱਚ ਕਾਲਜ ਦੇ ਵਿਹੜੇ ਇਸਦਾ ਆਨੰਦ ਮਾਣਿਆ।
ਇਸ ਪ੍ਰੋਗਰਾਮ ਲਈ ਸਟੇਜ ਸੰਚਾਲਨ ਦੀ ਭੂਮਿਕਾ ਡਾ.ਸੰਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਪ੍ਰੀਤਕਮਲ ਕੌਰ ਨੇ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਵੱਖੋ-ਵੱਖਰੀਆਂ ਲੋਕ ਖੇਡਾਂ ਵੀ ਖੇਡੀਆਂ ਗਈਆਂ । ਇਸ ਮੌਕੇ ਡਾ.ਮਮਤਾ ਅਰੋੜਾ ਨੇ ਸਮੂਹ ਸਟਾਫ ਲਈ ਧੰਨਵਾਦੀ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਬੇਲਾ ਕਾਲਜ ਸਦਾ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ਼ ਜੁੜਿਆ ਰਹੇਗਾ। ਇਸ ਸ਼ੁਭ ਮੌਕੇ ਸਾਰੇ ਸਟਾਫ ਵਿੱਚ ਮਠਿਆਈ ਵੀ ਵੰਡੀ ਗਈ ਅਤੇ ਸੰਸਥਾ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ.ਹਰਪ੍ਰੀਤ ਕੌਰ, ਸਹਾਇਕ ਪ੍ਰੋ. ਗਗਨਦੀਪ ਕੌਰ, ਸਹਾਇਕ ਪ੍ਰੋ.ਪਰਮਿੰਦਰ ਕੌਰ, ਡਾ. ਕੁਲਦੀਪ ਕੌਰ ਸਮੇਤ ਸਮੁੱਚਾ ਸਟਾਫ ਹਾਜਰ ਸੀ।